ਉਹਨਾਂ ਦੇ ਬੈੱਡ ਦੇ ਨਾਲ ਹਸਪਤਾਲ ਬੈਠੀ ਬੈਠੀ ਸੋਚਾਂ ਵਿੱਚ ਪੈ ਗਈ I ਵਿਆਹ ਤੋਂ ਲੈ ਕੇ ਹੁਣ ਤੱਕ ਦਾ ਸਾਥ ਮਿੰਟਾਂ ਵਿੱਚ ਅੱਖਾਂ ਮੂਹਰਿਓੰ ਲੰਘ ਗਿਆ I ਵਿਆਹ ਤੋਂ ਦੂਜੇ ਤੀਜੇ ਦਿਨ ਦੀ ਹੀ ਗੱਲ ਹੈ ਜਦੋਂ ਉਹਨਾਂ ਨੇ ਕਿਹਾ ਸੀ , “ਪ੍ਰੀਤੋ ਮੈਨੂੰ ਖਾਣਾ ਬਾਣਾ ਤਾਂ ਬਹੁਤਾ ਆਉਂਦਾ ਨਹੀਂ ਪਰ ਅੱਜ ਚਾਹ ਤੈਨੂੰ ਮੈਂ ਬਣਾ ਕੇ ਪਿਲਾਉਂਦਾ ਹਾਂ” ਮੈਂ ਪਹਿਲੀ ਵਾਰ ਹਮਸਫਰ ਨਾਲ ਬਹਿ ਕੇ ਚਾਹ ਪੀਤੀ ਸੀ I ਵੈਸੇ ਤਾਂ ਵਿਆਹ ਤੋਂ ਬਾਅਦ ਸਾਰਾ ਕੁੱਝ ਨਵਾਂ ਨਵਾਂ ਹੁੰਦਾ ਹੈ ਪਰ ਉਨ੍ਹਾਂ ਦੀ ਬਣਾਈ ਚਾਹ ਪੀ ਕੇ ਅਜੀਬ ਜਿਹੀ ਖੁਸ਼ੀ ਮਹਿਸੂਸ ਹੋ ਰਹੀ ਸੀ I ਅੰਦਰੋਂ ਅੰਦਰ ਦਿਲ ਨੱਚ ਰਿਹਾ ਸੀ I ਉਸ ਦਿਨ ਤੋਂ ਲੈ ਕੇ ਤੀਜੇ ਪਹਿਰ ਦੀ ਚਾਹ ਦੀ ਡਿਊਟੀ ਉਨ੍ਹਾਂ ਨੇ ਪੱਕੀ ਹੀ ਲੈ ਲਈ I ਮੈਨੂੰ ਸਾਰਾ ਦਿਨ ਸਿਰਫ ਇੱਕ ਤੀਜੇ ਪਹਿਰ ਦੀ ਚਾਹ ਦੀ ਉਡੀਕ ਰਹਿੰਦੀ ਸੀ I ਚਾਹ ਤਾਂ ਭਾਵੇਂ ਉਹ ਵੀ ਹਰ ਇੱਕ ਵਾਂਗ ਹੀ ਬਣਾਉਂਦੇ ਹੋਣ ਪਰ ਉਹਨਾਂ ਦਾ ਦਿਨ ‘ਚ ਇੱਕ ਵਾਰ ਚਾਹ ਦਾ ਕੱਪ ਪੇਸ਼ ਕਰਨਾ ਉਹਨਾਂ ਦੇ ਅਥਾਹ ਪਿਆਰ ਦਾ ਸਬੂਤ ਦਿੰਦਾ ਸੀ ਤੇ ਰੋਜ ਉਸਤੇ ਮੋਹਰ ਲਾਂਉਂਦੇ ਰਹੇ ਹਨ I ਦੋ ਪਲ ਇੱਕਠੇ ਬੈਠ ਕੇ ਉਹਨਾਂ ਦੇ ਹੱਥ ਦੀ ਚਾਹ ਪੀ ਕੇ ਮੇਰੀ ਸਾਰੀ ਥਕਾਨ ਲਹਿ ਜਾਂਦੀ ਸੀ I ਮੈਂ ਕਦੇ ਗੁੱਸੇ ਵੀ ਹੋ ਜਾਦੀ ਤਾਂ ਦਿਲ ਧੜਕਣ ਲੱਗ ਜਾਂਦਾ ਕਿ ਮੈਨੂੰ ਤੀਜੇ ਪਹਿਰ ਦੀ ਚਾਹ ਤੋਂ ਪਹਿਲਾਂ ਜਰੂਰ ਮਨਾ ਲੈਣ I ਉਹ ਵੀ ਮੈਨੂੰ ਚਾਹ ਤੋਂ ਪਹਿਲਾਂ ਹੀ ਮਨਾਉਂਦੇ ਸੀ ਕਿਉਂਕਿ ਸ਼ਾਇਦ ਉਹਨਾਂ ਨੂੰ ਮੇਰੀ ਕਮਜ਼ੋਰੀ ਦਾ ਪਤਾ ਸੀ I ਪਿਛਲੇ ਮਹੀਨੇ ਵਿਆਹ ਦੀ 42ਵੀਂ ਵਰ੍ਹੇਗੰਢ ਮਨਾ ਕੇ ਹਟੇ ਹਾਂ I ਰਾਤੀਂ ਉਹਨਾਂ ਨੂੰ ਦਿਲ ਦੀ ਸ਼ਿਕਾਇਤ ਕਾਰਨ ਐਮਰਜੈਂਸੀ ਜਾਣਾ ਪਿਆ ਤੇ ਰਾਤ ਭਰ ਹਸਪਤਾਲ ਰਹੇ ਹਾਂ I ਸਵੇਰੇ ਨੀਂਦ ਵਿੱਚ ਕੁੱਝ ਬੜਬੜਾ ਰਹੇ ਸੀ ਮੈਨੂੰ ਲੱਗਿਆ ਕਿ ਜਿਵੇਂ ਕਹਿ ਰਹੇ ਹੋਣ, “ਪ੍ਰੀਤੋ ਆਜਾ ਚਾਹ ਤਿਆਰ ਆ” ਹੁਣੇ ਡਾਕਟਰ ਡਿਸ਼ਚਾਰਜ ਪੇਪਰ ਦੇ ਕੇ ਗਿਆ ਹੈ ਕਿ ਘਰੇ ਜਾ ਸਕਦੇ ਹਾਂ I ਰੱਬ ਤੋਂ ਇਹੀ ਮੰਗਦੀ ਹਾਂ ਕਿ ਮੈਨੂੰ ਪਹਿਲਾਂ ਲੈ ਜਾਵੀਂ ਕਿਓਂਕਿ ਮੈਨੂੰ ਤੀਜੇ ਪਹਿਰ ਦੀ ਚਾਹ ਕੱਲੀ ਨੂੰ ਪੀਣੀ ਮਨਜੂਰ ਨਹੀਂ I
‘ਭੁਪਿੰਦਰ ਪੰਧੇਰ’ ਮਈ 13, 2020