Poem_03

3.

ਸੱਜਣਾ ਕਦੇ ਹੁੰਦੀ ਸਾਡੀ ਵੀ ਦੀਵਾਲੀ ਸੀ

ਕਦੇ ਅਸੀਂ ਵੀ ਕਾਕੇ ਸੀ

ਨਾਂ ਫਿਕਰ ਨਾਂ ਫਾਕੇ ਸੀ 

ਚਲਾਉਂਦੇ ਪਟਾਕੇ ਸੀ 

ਲੱਗਦੇ ਮਾਂ ਪਿਓ ਦੇ ਆਖੇ ਸੀ 

ਵੱਡੇ ਹੋਣ ਦੀ ਪਤਾ ਨਹੀਂ ਕੀ ਕਾਹਲੀ ਸੀ,

ਸੱਜਣਾ ਕਦੇ ਹੁੰਦੀ ਸਾਡੀ ਵੀ ਦੀਵਾਲੀ ਸੀ

ਜਹਾਜ ਉਡਾਉਂਦੇ ਸੀ 

ਆਤਿਸ਼ਬਾਜੀ ਚੜ੍ਹਾਉਂਦੇ ਸੀ

ਚਰਖੜੀਆਂ ਚਲਾਉਂਦੇ ਸੀ 

ਫੁਲਝੜੀਆਂ ਚਲਾਉਂਦੇ ਸੀ 

ਬੋਤਲ ਨੂੰ ਵੀ ਹੁੰਦੀ ਖੁੱਲ੍ਹਣ ਦੀ ਕਾਹਲੀ ਸੀ 

ਸੱਜਣਾ ਕਦੇ ਹੁੰਦੀ ਸਾਡੀ ਵੀ ਦੀਵਾਲੀ ਸੀ

ਚੁੱਪ ਚੁਪੀਤੇ ਲੰਘੀ ਹੋਲੀ

ਭੈਣ ਦੀ ਕੱਲਿਆਂ ਤੁਰ ਗਈ ਡੋਲੀ

ਜਮੀਨ ਪੈ ਗਈ ਕਨੇਡਾ ਦੀ ਝੋਲੀ

ਅੰਗਰੇਜੀ ਸਿੱਖ ਕੇ ਭੁੱਲ ਗਈ ਬੋਲੀ

ਮੱਕੀ ਬੀਜਦੇ ਸੀਹੁੰਦੀ ਨਹੀਂ ਪਰਾਲ਼ੀ ਸੀ

ਸੱਜਣਾ ਕਦੇ ਹੁੰਦੀ ਸਾਡੀ ਵੀ ਦੀਵਾਲੀ ਸੀ

ਸਾਫ ਹਵਾ ਸੀ ਸਾਫ ਸੀ ਪਾਣੀ

ਭੁੱਲਦੇ ਨਹੀਂ ਸਕੂਲ ਦੇ ਹਾਣੀ 

ਮਾਂ ਪਿਓ ਤੁਰ ਗਏਤੁਰ ਗਈ ਮਰਜਾਣੀ

ਛੱਡ ‘ਪੰਧੇਰ‘ ਕੀ ਲੈ ਬੈਠਿਆ ਕਹਾਣੀ 

ਤੈਨੂੰ ਵੀ ਬਾਹਰ ਆਉਣ ਦੀ ਕਾਹਲੀ ਸੀ

ਸੱਜਣਾ ਕਦੇ ਹੁੰਦੀ ਸਾਡੀ ਵੀ ਦੀਵਾਲੀ ਸੀ